ਪੰਜਾਬੀ ਭਾਸ਼ਾ ਅਤੇ ਇਸਦੀਆਂ ਬੋਲੀਆਂ/ਗੁਆਂਢੀ ਭਾਸ਼ਾਵਾਂ ਨਾਲ ਸੰਬੰਧ

ਪੰਜਾਬੀ ਉੱਤਰ-ਪਛਮੀ ਹਿੰਦ-ਆਰਿਆਈ ਭਾਸ਼ਾ ਹੈ। ਇਸ ਦੀਆਂ ਪੂਰਬੀ ਉਪ-ਬੋਲੀਆਂ ਹਿੰਦੀ ਦੇ ਵਧੇਰੇ ਨੇੜੇ ਹਨ, ਜਦ ਕਿ ਪਛਮੀ ਅਤੇ ਉੱਤਰੀ ਉਪ-ਬੋਲੀਆਂ ਸਿੰਧੀ ਅਤੇ ਦਾਰਦੀ ਬੋਲੀਆਂ ਦੇ ਨਾਲ ਮਿਲਦੀਆਂ ਹਨ।
ਜਿਥੇ ਸੰਸਕ੍ਰਿਤ ਦਾ 'ਵ', ਹਿੰਦੀ ਵਿਚ 'ਬ' ਵਿਚ ਬਦਲ ਗਿਆ ਹੈ, ਪੰਜਾਬੀ ਨੇ ਅਜੇ ਵੀ ਕੁਝ ਹਾਲਤਾਂ ਵਿਚ 'ਵ' ਨੂੰ ਸੰਭਾਲ ਕੇ ਰਖਿਆ ਹੈ।
ਜਿਵੇਂ: ਹਿੰਦੀ: ਬੀਚ; ਪੰਜਾਬੀ: ਵਿੱਚ
ਪੰਜਾਬੀ ਦੀਆਂ ਕੁਝ ਪੂਰਬੀ ਉਪ-ਬੋਲੀਆਂ 'ਵ' ਨੂੰ 'ਬ' ਵਿਚ ਬਦਲ ਦਿੰਦੀਆਂ ਹਨ, ਜਿਵੇਂ: ਬਿਚ

ਇਸ ਤੋਂ ਬਿਨਾ, ਪ੍ਰਾਕ੍ਰਿਤ ਦੇ ਦੂਹਰੇ ਵਿਅੰਜਨ ਜਿੰਨ੍ਹਾਂ ਨੂੰ ਹਿੰਦੀ ਅਤੇ ਹੋਰ ਹਿੰਦ-ਆਰਿਆਈ ਭਾਸ਼ਾਵਾਂ ਨੇ ਦੀਰਘ-ਸੁਰ ਲਗਾਕੇ ਸੌਖਾ ਕਰ ਲਿਆ ਹੈ, ਪੰਜਾਬੀ ਵਿਚ ਅਜੇ ਵੀ ਉਸੇ ਤਰ੍ਹਾਂ ਕਾਇਮ ਹਨ। ਸਿੰਧੀ ਅਤੇ ਦਾਰਦੀ ਭਾਸ਼ਾਵਾਂ ਵਿਚ ਭਾਵੇਂ ਦੂਹਰਾ ਵਿਅੰਜਨ ਨਹੀ ਹੈ ਪਰ ਸੁਰ ਲਘੂ ਹੀ ਹੈ। ਇਹ ਦੀਰਘ ਅਤੇ ਲਘੂ ਸੁਰ ਵਾਲੀ ਵਿਸ਼ੇਸ਼ਤਾ ਉੱਤਰ-ਪਛਮੀ ਹਿੰਦ-ਆਰਿਆਈ ਭਾਸ਼ਾਵਾਂ ਨੂੰ ਬਾਕੀ ਹਿੰਦ-ਆਰਿਆਈ ਭਾਸ਼ਾਵਾਂ ਤੋਂ ਵੱਖ ਕਰਦੀ ਹੈ।

ਹਿੰਦ-ਆਰਿਆਈ ਭਾਸ਼ਾ ਪਰਿਵਾਰ ਵਿੱਚ ਪੰਜਾਬੀ ਭਾਸ਼ਾ

ਉਦਾਹਰਣਾਂ:

ਸੰਸਕ੍ਰਿਤ ਪ੍ਰਾਕ੍ਰਿਤ ਪੰਜਾਬੀ ਸਿੰਧੀ ਦਾਰਦੀ ਹਿੰਦੀ
ਉੱਚਕਃ ਉੱਚਉ ਉੱਚਾ ਉਚੋ ਊਂਚਾ
ਸਤ੍ਯਃ ਸੱਚੁ ਸੱਚ ਸਚੁ ਸਾਂਚ/ਸਚ
ਰਿਕ੍ਸ਼ਃ ਰਿੱਛੁ ਰਿੱਛ ਰਿਛੁ ਈਤ੍ਸ ਰੀਛ
ਸ਼ਬ੍ਦਃ ਸੱਦੁ ਸੱਦ ਸਦ ਸਾਦ
ਦੁਗ੍ਧੰ ਦੁੱਧੁ ਦੁੱਧ ਡੁਧੁ ਦੋਦ ਦੂਧ
ਅਗ੍ਰੇ ਅੱਗਹਿ ਅੱਗੇ ਅੱਗੇ ਆਗੇ
ਅਦ੍ਯ ਅੱਜੁ ਅੱਜ ਅਜੁ ਅਜ਼ ਆਜ
ਚਕ੍ਰੰ ਚੱਕੁ ਚੱਕ ਚਕੁ ਚਾਕ
ਤਰ੍ਕਯਤਿ
ਸ਼ੁਸ਼ਕਕਃ
ਕਰ੍ਮ
ਚਰ੍ਮ
ਕਰ੍ਣਃ
ਸਰ੍ਪਃ
ਸ਼੍ਵਸ਼੍ਰੂਃ
ਭਕ੍ਤੰ
ਰਕ੍ਤਕਃ
ਕਰ੍ਤਯਤਿ
ਹਸ੍ਤਃ
ਪ੍ਰਿਸ਼੍ਠੰ


ਪੰਜਾਬੀ ਦੀ ਸਭ ਤੋਂ ਪ੍ਰਮੁਖ ਵਿਸ਼ੇਸ਼ਤਾ ਹੈ ਸੰਬੰਧ ਕਾਰਕ ਲਈ 'ਦਾ' ਪਿਛੇਤਰ ਦੀ ਵਰਤੋਂ, ਇਸ ਦੀ ਬਜਾਏ ਹਿੰਦੀ ਵਿਚ 'ਕਾ' ਪਿਛੇਤਰ ਦੀ ਵਰਤੋਂ ਹੁੰਦੀ ਹੈ।
ਪੰਜਾਬੀ ਦੇ ਪਹਿਲਾ ਪੁਰਖ ਅਤੇ ਦੂਜਾ ਪੁਰਖ ਪੜ੍ਹਨਾਵਾਂ ਦੇ ਬਹੁ-ਵਚਨ ਹਿੰਦੀ ਦੀ ਬਜਾਏ ਸਿੰਧੀ ਅਤੇ ਦਾਰਦੀ ਭਾਸ਼ਾਵਾਂ ਨਾਲ ਮਿਲਦੇ-ਜੁਲਦੇ ਹਨ, ਜਿਵੇਂ:

ਪੰਜਾਬੀ ਅਸੀਂ ਤੁਸੀਂ
ਹਿੰਦੀ ਹਮ ਤੁਮ
ਸਿੰਧੀ ਅਸੀਂ ਤੂਹੀਂ
ਕਸ਼ਮੀਰੀ ਅਸਿ ਤੁਹਿ


ਪੜ੍ਹਨਾਂਵੀ ਪਿਛੇਤਰ ਪੰਜਾਬੀ, ਸਿੰਧੀ ਅਤੇ ਦਾਰਦੀ ਭਾਸ਼ਾਵਾਂ ਦੀ ਇਕ ਖ਼ਾਸ ਵਿਸ਼ੇਸ਼ਤਾ ਹੈ, ਜਿਵੇਂ: ਆਖਿਉਸ - ਉਸ ਨੂੰ ਆਖ। ਇਹ ਲੱਛਣ ਹਿੰਦੀ ਵਿਚ ਨਹੀ ਮਿਲਦਾ (ਪੰਜਾਬੀ ਦੀਆਂ ਕੁਝ ਪੂਰਬੀ ਉਪ-ਬੋਲੀਆਂ ਵਿਚ ਵੀ ਇਹ ਲੱਛਣ ਨਹੀਂ ਮਿਲਦਾ)।


ਸਿੰਧੀ ਅਤੇ ਪੰਜਾਬੀ ਭਾਸ਼ਾਵਾਂ ਇਕ ਦੂਜੇ ਬਹੁਤ ਨੇੜੇ ਹਨ। ਸਿੰਧ ਦੇ ਇਕ ਵੱਡੇ ਹਿੱਸੇ ਵਿਚ ਪੰਜਾਬ ਤੋਂ ਆ ਕੇ ਵਸੇ ਲੋਕ ਅੱਧੀ-ਅੱਧੀ ਭਾਸ਼ਾ ਬੋਲਦੇ ਹਨ, ਭਾਵ ਅੱਧੀ ਪੰਜਾਬੀ-ਅੱਧੀ ਸਿੰਧੀ। ਦੱਖਣੀ ਪੰਜਾਬ ਦੀਆਂ ਉਪਬੋਲੀਆਂ ਦਾ ਉਚਾਰਣ ਵੀ ਸਿੰਧੀ ਨਾਲ ਬਹੁਤ ਮਿਲਦਾ-ਜੁਲਦਾ, ਦੂਹਰੇ-ਵਿਅੰਜਨ ਅਕਸਰ ਸੁਨਣ ਨੂੰ ਮਿਲ ਜਾਂਦੇ ਹਨ ਜੋ ਕੇ ਸਿੰਧੀ ਭਾਸ਼ਾ ਦੀ ਖ਼ਾਸੀਅਤ ਹਨ।

ਉੱਤਰੀ ਅਤੇ ਦੱਖਣੀ ਪੰਜਾਬੀ ਉਪਬੋਲੀਆਂ ਦੇ ਕਾਰਕ ਪਿਛੇਤਰ ਅਤੇ ਮੂਲ ਕਿਰਿਆ ਦਾ ਭੂਤਕਾਲ ਵੀ ਸਿੰਧੀ ਅਤੇ ਦਾਰਦੀ ਭਾਸ਼ਾਵਾਂ ਨਾਲ ਮਿਲਦੇ-ਜੁਲਦੇ ਹਨ। ਜਿਵੇਂ ਕਸ਼ਮੀਰੀ ਵਿਚ ਮਾਲੁ ਤੋਂ ਮੋਲੁ (ਪਿਉ) ਅਤੇ ਮਾਜੁ ਤੋਂ ਮੋਜੁ (ਮਾਂ); ਇਸੇ ਤਰ੍ਹਾਂ ਮੁਲਤਾਨੀ ਉਪਬੋਲੀ ਵਿੱਚ ਕੁੱਕੜੁ ਤੋਂ ਕੁੱਕੁੜ; ਵਾਹੜੁ ਤੋਂ ਵਾਹੁੜ (ਵਹਿੜਾ); ਕੁੱਕੜਿ ਤੋਂ ਕੁੱਕਿੜ ਅਤੇ ਵਾਹੜਿ ਤੋਂ ਵਾਹਿੜ। ਇਸੇ ਤਰ੍ਹਾਂ ਮੂਲ ਕਿਰਿਆ ਦਾ ਭੂਤਕਾਲ ਪੰਜਾਬੀ ਵਿਚ ਸਾ, ਸੀ; ਦੱਖਣੀ ਉਪਬੋਲੀਆਂ ਵਿੱਚ ਆਹਾ, ਆਹ, ਅਸਾ, ਆਸਾ, ਸਾ ਆਦਿ ਹੈ ਅਤੇ ਕਸ਼ਮੀਰੀ ਵਿਚ ਓਸੁ (ਅਸੁ ਤੋਂ) ਹੈ। ਪਰ ਹਿੰਦੀ ਵਿੱਚ ਮੂਲ ਕਿਰਿਆ ਦਾ ਭੂਤਕਾਲ ਥਾ ਹੈ।

ਪੰਜਾਬੀ ਦੀਆਂ ਉੱਤਰੀ ਉਪਬੋਲੀਆਂ ਦੀ ਸ਼ਬਦਾਵਲੀ ਵੀ ਕਸ਼ਮੀਰੀ ਨਾਲ ਮਿਲਦੀ ਜੁਲਦੀ ਹੈ, ਜਿਵੇਂ ਪੂਰੇ ਭਾਰਤ ਅਤੇ ਪੰਜਾਬ ਵਿਚ ਜਿੱਥੇ ਜਾਣਾ ਸ਼ਬਦ ਵਰਤਿਆ ਜਾਂਦਾ ਹੈ, ਉਥੇ ਪੋਠੋਹਾਰੀ ਵਿਚ ਗਛਣਾ ਵਧੇਰੇ ਸੁਣੀਦਾ ਹੈ ਜੋ ਕਸ਼ਮੀਰੀ ਗਤ੍ਸ਼ੁਨ ਨਾਲ ਮਿਲਦਾ-ਜੁਲਦਾ ਹੈ। ਕਈ ਵਾਰ ਕਸ਼ਮੀਰੀ ਦੇ ਕੁਝ ਔਖੇ ਸ਼ਬਦਾਂ ਦਾ ਮੂਲ ਸਮਝਣ ਲਈ ਭਾਸ਼ਾ-ਵਿਗਿਆਨੀ ਪੋਠੋਹਾਰੀ ਬੋਲੀਆਂ ਦਾ ਸਹਾਰਾ ਲੈਂਦੇ ਰਹੇ ਹਨ।