ਪੰਜਾਬੀ ਭਾਸ਼ਾ ਅਤੇ ਇਸਦੀਆਂ ਬੋਲੀਆਂ/ਕਿੱਥੇ ਬੋਲੀ ਜਾਂਦੀ ਹੈ

ਭਾਰਤ: ਪੰਜਾਬ ਰਾਜ ਵਿਚ ਮੁੱਖ ਤੌਰ ਤੇ ਪੰਜਾਬੀ ਹੀ ਬੋਲੀ ਜਾਂਦੀ ਹੈ। ਪੰਜਾਬ ਦੇ ਦੱਖਣ ਪੱਛਮੀ ਕੋਨੇ, ਅਬੋਹਰ ਤਹਿਸੀਲ ਵਿਚ ਬਾਗੜੀ (ਰਾਜਸਥਾਨੀ) ਅਤੇ ਉੱਤਰੀ ਕੋਨੇ, ਜ਼ਿਲਾ ਪਠਾਨਕੋਟ ਵਿਚ ਕੰਡਿਆਲੀ (ਪਹਾੜੀ) ਬੋਲੀ ਜਾਂਦੀ ਹੈ। ਜੰਮੂ ਅਤੇ ਕਸ਼ਮੀਰ ਦੇ ਪੁਣਛ, ਰਾਜੌਰੀ ਜ਼ਿਲਿਆਂ ਅਤੇ ਊੜੀ ਤਹਿਸੀਲ ਵਿਚ ਵੀ ਪੰਜਾਬੀ ਬੋਲੀ ਜਾਂਦੀ ਹੈ। ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵੀ ਪੰਜਾਬੀ ਬੋਲਦੇ ਇਲਾਕੇ ਵਿਚ ਹੀ ਹੈ।

ਪਾਕਿਸਤਾਨ: ਪੰਜਾਬ ਸੂਬੇ ਵਿਚ ਮੁੱਖ ਤੌਰ ਤੇ ਪੰਜਾਬੀ ਹੀ ਬੋਲੀ ਜਾਂਦੀ ਹੈ। ਬਹਾਵਲਪੁਰ, ਬਹਾਵਲਨਗਰ ਅਤੇ ਰਹੀਮਯਾਰ ਖ਼ਾਂ ਜ਼ਿਲਿਆਂ ਦੇ ਭਾਰਤ ਨਾਲ ਲਗਦੇ ਇਲਾਕਿਆਂ ਵਿਚ ਰਾਜਸਥਾਨੀ ਬੋਲੀ ਜਾਂਦੀ ਹੈ। ਡੇਰਾ ਗ਼ਾਜ਼ੀ ਖ਼ਾਂ ਦੇ ਬਲੋਚਿਸਤਾਨ ਨਾਲ ਲਗਦੇ ਇਲਾਕੇ ਵਿਚ ਬਲੋਚੀ ਬੋਲੀ ਜਾਂਦੀ ਹੈ। ਅਜ਼ਾਦ ਕਸ਼ਮੀਰ ਵਿਚ ਵੀ ਮੁੱਖ ਤੌਰ ਤੇ ਪੰਜਾਬੀ ਹੀ ਬੋਲੀ ਜਾਂਦੀ ਹੈ। ਖ਼ੈਬਰ-ਪਖ਼ਤੂਨਖ਼ੁਆ ਦੇ ਹਰੀਪੁਰ, ਐਬਟਾਬਾਦ, ਮਾਨਸਹਿਰਾ ਅਤੇ ਡੇਰਾ ਇਸਮਾਈਲ ਖ਼ਾਂ ਜ਼ਿਲਿਆਂ ਵਿਚ ਵੀ ਪੰਜਾਬੀ ਬੋਲੀ ਜਾਂਦੀ ਹੈ। ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵੀ ਪੰਜਾਬੀ ਬੋਲਦੇ ਇਲਾਕੇ ਵਿਚ ਹੀ ਹੈ।