ਜੰਗਨਾਮਾ ਸ਼ਾਹ ਮੁਹੰਮਦ/ਮੁੱਢਲੀ ਜਾਣਕਾਰੀ

ਜੰਗਨਾਮਾ ਸਿੰਘਾਂ ਤੇ ਫ਼ਰੰਗੀਆਂ ਜਾਂ ਅੰਗਰੇਜ਼ਾਂ ਤੇ ਸਿੰਘਾਂ ਦੀ ਲੜਾਈ ਸ਼ਾਹ ਮੁਹੰਮਦ ਦੀ ਰਚਨਾ ਹੈ ਜਿਸ ਵਿੱਚ ਲੇਖਕ ਨੇ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ 7 ਸਾਲਾਂ ਵਿੱਚ ਹੀ ਸਿੱਖ ਰਾਜ ਦੇ ਤਹਿਸ-ਨਹਿਸ ਹੋਣ ਬਾਰੇ ਗੱਲ ਕੀਤੀ ਹੈ। ਪ੍ਰੋ. ਸੀਤਾ ਰਾਮ ਕੋਹਲੀ ਦਾ ਮੰਨਣਾ ਹੈ ਕਿ ਇਸਦੀ ਰਚਨਾ ਜੂਨ 1846 ਤੋਂ ਨਵੰਬਰ 1846 ਦੇ ਦਰਮਿਆਨ ਹੋਈ। ਇਸ ਰਚਨਾ ਨੂੰ ਕਿੱਸਾ ਸ਼ਾਹ ਮੁਹੰਮਦ, ਸ਼ਾਹ ਮੁਹੰਮਦ ਦੇ ਬੈਂਤ, ਜੰਗਨਾਮਾ ਸ਼ਾਹ ਮੁਹੰਮਦ ਅਤੇ ਵਾਰ ਸ਼ਾਹ ਮੁਹੰਮਦ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ।

ਸ਼ਾਹ ਮੁਹੰਮਦ ਦਾ ਜਨਮ 1780-84 ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਵਡਾਲਾ ਵੀਰਮ ਵਿੱਚ ਹੋਇਆ ਮੰਨਿਆ ਜਾਂਦਾ ਹੈ। ਕੁਝ ਇਤਿਹਾਸਕਾਰਾਂ ਨੇ ਇਸਦਾ ਜਨਮ ਜ਼ਿਲ੍ਹਾ ਗੁਰਦਾਸਪੁਰ ਵਿੱਚ ਬਟਾਲਾ ਵਿਖੇ ਮੰਨਿਆ ਹੈ। ਜੰਗਨਾਮੇ ਤੋਂ ਬਿਨਾ ਮੰਨਿਆ ਜਾਂਦਾ ਹੈ ਕਿ ਇਸਨੇ “ਸਸੀ ਪੁੰਨੂੰ” ਕਿੱਸੇ ਦੀ ਰਚਨਾ ਵੀ ਕੀਤੀ ਹੈ। ਇਸਦੀ ਮੌਤ 1862-63 ਵਿੱਚ ਹੋਈ ਮੰਨੀ ਜਾਂਦਾ ਹੈ।

ਜੰਗਨਾਮਾ ਸ਼ਾਹ ਮੁਹੰਮਦ ਨੂੰ ਸਤਿੰਦਰ ਸਿੰਘ ਨੂਰ ਨੇ ਆਧੁਨਿਕ ਪੰਜਾਬੀ ਸਾਹਿਤ ਦੀ ਮੋਢੀ ਰਚਨਾ ਕਿਹਾ ਹੈ। ਰੂਸੀ ਸਿਮੀਖਿਆਕਾਰ ਆਈ. ਸੇਰੇਬਰੀਆਕੋਵ ਆਪਣੀ ਕਿਤਾਬ “ਪੰਜਾਬੀ ਸਾਹਿਤ” ਵਿੱਚ ਇਸ ਰਚਨਾ ਨੂੰ ਰਾਸ਼ਟਰੀ ਦੁਖਾਂਤ ਨੂੰ ਪੂਰੀ ਗਹਿਰਾਈ ਨਾਲ ਸਮਝਣ ਮਹਿਸੂਸਣ, ਉਸਦੇ ਕਾਰਣਾਂ ਦੀ ਬਾਰੀਕਬੀਨੀ ਨਾਲ ਨਿਸ਼ਾਨਦੇਹੀ ਕਰਨ ਅਤੇ ਰਾਸ਼ਟਰੀ ਭਾਵਨਾ ਨੂੰ ਥੀਮ ਵਜੋਂ ਗ੍ਰਹਿਣ ਕਰਨ ਵਾਲੀ ਰਚਨਾ ਦੱਸਦਾ ਹੈ।